ਜਗਾ ਦੇ ਮੋਮਬੱਤੀਆਂ
ਇਹ ਤਾਂ ਏਥੇ ਵਗਦੀਆਂ ਹੀ ਰਹਿਣੀਆਂ ਹਵਾਵਾਂ ਕੁਪੱਤੀਆਂ
ਉੱਠ ਜਗਾ ਦੇ ਮੋਮਬੱਤੀਆਂ
ਹਨੇਰ ਨਾ ਸਮਝੇ ਕਿ ਚਾਨਣ ਡਰ ਗਿਆ ਹੈ
ਰਾਤ ਨਾ ਸੋਚੇ ਕਿ ਸੂਰਜ ਮਰ ਗਿਆ ਹੈ
ਬਾਲ ਜੋਤਾਂ ਜਿੰਦਗੀ ਦੇ ਮਾਣ ਮੱਤੀਆਂ
ਉੱਠ ਜਗਾ ਦੇ ਮੋਮਬੱਤੀਆਂ
ਤੂੰ ਜਗਾ ਦੇ ਮੋਮਬੱਤੀਆਂ
ਮੰਨਿਆ ਕਿ ਰਾਜ ਹਨੇਰੇ ਦਾ ਹਠੀਲਾ
ਪਰ ਅਜੇ ਜੀਊਂਦਾ ਏ ਕਿਰਨਾਂ ਦਾ ਕਬੀਲਾ
ਕਾਲਿਆਂ ਸਫਿਆਂ ਤੇ ਸਤਰਾਂ ਲਾਲ ਰੱਤੀਆਂ
ਉੱਠ ਜਗਾ ਦੇ ਮੋਮਬੱਤੀਆਂ
ਤੂੰ ਜਗਾ ਦੇ ਮੋਮਬੱਤੀਆਂ
ਪੌਣ ਵਿੱਚ ਵਧ ਰਹੀ ਵਿਸ਼ ਤੋਂ ਨਾ ਡਰਦੇ
ਬਿਰਖ ਬੂਟੇ ਰੋਜ਼ ਆਪਣਾ ਕਰਮ ਕਰਦੇ
ਜਿਹਰ ਨੂੰ ਅਮ੍ਰਿਤ ‘ਚ ਬਦਲੀ ਜਾਣ ਪੱਤੀਆਂ
ਉੱਠ ਜਗਾ ਦੇ ਮੋਮਬੱਤੀਆਂ
ਤੂੰ ਜਗਾ ਦੇ ਮੋਮਬੱਤੀਆਂ
ਵਾਵਰੋਲੇ ਉਠਦੇ ਹੀ ਰਹਿੰਦੇ ਨੇ ਤੱਤੇ
ਪੱਤਝੜਾਂ ਨੇ ਝਾੜ ਦੇਣੇ ਆਕੇ ਪੱਤੇ
ਪਰ ਇਸ ਦਾ ਮਤਲਬ ਇਹ ਨਹੀਂ
ਕਿ ਪੁੰਗਰਨ ਨਾ ਪੱਤੀਆਂ
ਉੱਠ ਜਗਾ ਦੇ ਮੋਮਬੱਤੀਆਂ
listen to this poem in his own voice
Surjeet Patar is well known Punjabi Poet.