ਉੱਡਦਿਆਂ ਬਾਜ਼ਾਂ ਮਗਰ… — ਪਾਸ਼
July 19, 2007 by Jasdeep
ਉੱਡ ਗਏ ਹਨ ਬਾਜ਼ ਚੁੰਝਾਂ ‘ਚ ਲੈ ਕੇ
ਸਾਡੀ ਚੈਨ ਦਾ ਇੱਕ ਪਲ ਬਿਤਾ ਸਕਣ ਦੀ ਖਾਹਿਸ਼
ਦੋਸਤੋ ਹੁਣ ਚੱਲਿਆ ਜਾਵੇ
ਉੱਡਦਿਆਂ ਬਾਜ਼ਾਂ ਮਗਰ…
ਇਹ ਤਾਂ ਸਾਰੀ ਉਮਰ ਨਹੀ ਲੱਥਣਾ
ਭੈਣਾਂ ਦੇ ਵਿਆਹਾਂ ਉੱਤੇ ਚੁੱਕਿਆ ਕਰਜ਼ਾ,
ਪੈਲੀਆਂ ਵਿੱਚ ਛਿੜ੍ਕੇ ਹੋਏ ਲਹੂ ਦਾ
ਹਰ ਕਤਰਾ ਵੀ ਇਕੱਠਾ ਕਰਕੇ
ਏਨਾ ਰੰਗ ਨਹੀ ਬਣਨਾ,
ਕਿ ਚਿਤਰ ਲਵਾਂਗੇ, ਇੱਕ ਸ਼ਾਂਤ
ਮੁਸਕਰਾਉਂਦੇ ਹੋਏ ਜਣੇ ਦਾ ਚਿਹਰਾ
ਅਤੇ ਹੋਰ
ਕਿ ਜਿੰਦਗੀ ਦੀਆਂ ਪੂਰੀਆਂ ਰਾਤਾਂ ਵੀ ਗਿਣੀ ਚੱਲੀਏ
ਤਾਰਿਆਂ ਦੀ ਗਿਣਤੀ ਨਹੀਂ ਹੋਣੀ
ਕਿਓਂਕਿ ਹੋ ਨਹੀਂ ਸਕਣਾ ਇਹ ਸਭ
ਫਿਰ ਦੋਸਤੋ , ਹੁਣ ਚੱਲਿਆ ਜਾਵੇ
ਉੱਡਦਿਆਂ ਬਾਜ਼ਾਂ ਮਗਰ…
ਜੇ ਤੁਸੀਂ ਮਾਣੀ ਹੋਵੇ
ਗੰਡ ‘ਚ ਜੰਮਦੇ ਤੱਤੇ ਗੁੜ ਦੀ ਮਹਿਕ
ਅਤੇ ਤੱਕਿਆ ਹੋਵੇ
ਸੁਹਾਗੀ ਹੋਈ ਵੱਤਰ ਭੋਂ ਦਾ
ਚੰਨ ਦੀ ਚਾਨਣੀ ਵਿੱਚ ਚਮਕਣਾ
ਤਾਂ ਤੁਸੀਂ ਜਰੂਰ ਕੋਈ ਚਾਰਾ ਕਰੋਗੇ
ਹਾਬੜੀ ਹੋਈ ਵੋਟ ਦੀ ਉਸ ਪਰਚੀ ਦਾ
ਜੋ ਲਾਲਾਂ ਸਿੱਟ ਰਹੀ ਹੈ ਸਾਡੇ ਖੁਹਾਂ ਦੀ ਹਰਿਆਵਲ ਤੇ |
ਸੁਰੰਗ ਵਰਗੀ ਜਿੰਦਗੀ ਵਿੱਚ ਤੁਰਦੇ ਹੋਏ
ਜਦ ਪਰਤ ਆਉਂਦੀ ਹੈ ਆਪਣੀ ਆਵਾਜ਼ ਆਪਣੇ ਹੀ ਪਾਸ
ਤੇ ਅੱਖਾਂ ‘ਚ ਰੜਕਦੇ ਰਹਿੰਦੇ
ਬੁਢੇ ਬਲਦ ਦੇ ਉੱਚੜੇ ਹੋਏ ਕੰਨ ਵਰਗੇ ਸੁਪਨੇ
ਜਦ ਚਿਮਟ ਜਾਵੇ ਗਲੀਆਂ ਦਾ ਚਿੱਕੜ
ਉਮਰ ਦੇ ਸਭ ਤੋਂ ਹਸੀਨ ਵਰਿਆਂ ਤੇ
ਤਾਂ ਕਰਨ ਲਈ ਏਹੋ ਬਚਦਾ ਹੈ
ਕਿ ਚੱਲਿਆ ਜਾਵੇ
ਉੱਡਦਿਆਂ ਬਾਜ਼ਾਂ ਮਗਰ
ਸਰੋਤ - ਪਾਸ਼ ਦੀ ਕਿਵਤਾ “ਉੱਡਦਿਆਂ ਬਾਜ਼ਾਂ ਮਗਰ” ਵਿੱਚੋਂ
ਅਵਤਾਰ ਸਿੰਘ ਸੰਧੂ ਉਰਫ ਪਾਸ਼ [9ਸਤੰਬਰ1950 - 23ਮਾਰਚ1988] ਪੰਜਾਬੀ ਦੀ ਕ੍ਰਾਂਤੀਕਾਰੀ ਕਵਿਤਾ ਦਾ ਮੂਹਰਲੀ ਕਤਾਰ ਦਾ ਕਵੀ ਸੀ | ਖੱਬੇ ਪੱਖੀ ਅੱਤਵਾਦੀ ਲਹਿਰ ( ਨਕਸਲਬਾੜੀ ਲਹਿਰ ) ਨਾਲ ਉਸਦੇ ਸੰਬੰਧਾ ਕਰਕੇ ਉਸਨੂੰ ਜੇਲ ਵੀ ਕੱਟਣੀ ਪਈ | 23ਮਾਰਚ1988 ਨੁੰ ਖਾਲਿਸਤਾਨੀ ਅੱਤਵਾਦੀਆਂ ਨੇ ਉਸ ਨੂੰ ਕਤਲ ਕਰ ਦਿੱਤਾ |

ehna bazaan di eni himat !
eh bas sada hi waham hai.
sadi kamzorri hai,
roh da daar hai!
ehna bazaan di nabza vich
zo ajj wag da laho hai
sadi hi te kamzori hai,
ehna bazaan di nabza vich
zo laho di tapash hai
sade hi saha di gowachi garmi hai
ehna di gardan maroor deyo
paleo loko ! hale v waqt hai
Alaha haphiz!